ਪਰਿਵਾਰਾਂ ਵਿਚ ਸਾਂਝੇ ਪਰਿਵਾਰਾਂ ਦੀ ਵਿਵਸਥਾ ਦਿਨ-ਬਦਿਨ ਘਟਦੀ ਜਾ ਰਹੀ ਹੈ। ਵਧਦੀ ਆਧੁਨਿਕਤਾ ਅਤੇ ਸੁਤੰਤਰਤਾ ਪਸੰਦ ਜੀਵਨ-ਸ਼ੈਲੀ ਨੇ ਉਮਰ ਦੇ ਆਖਰੀ ਪੜਾਅ 'ਤੇ ਚੱਲ ਰਹੇ ਬਜ਼ੁਰਗਾਂ ਦੀ ਦਸ਼ਾ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਬਜ਼ੁਰਗਾਂ ਨੂੰ ਨਜ਼ਰ-ਅੰਦਾਜ਼ ਕਰਨਾ ਇਥੋਂ ਤੱਕ ਪਹੁੰਚ ਚੁੱਕਾ ਹੈ ਕਿ ਜਵਾਨ ਹੁੰਦੇ ਬੱਚੇ ਮਾਤਾ-ਪਿਤਾ ਦੇ ਮਾਣ-ਸਤਿਕਾਰ ਦੀ ਪ੍ਰਵਾਹ ਕੀਤੇ ਬਿਨਾਂ ਖੁਦ ਹੀ ਫੈਸਲੇ ਲੈ ਕੇ ਉਨ੍ਹਾਂ ਦੀਆਂ ਇੱਛਾਵਾਂ ਅਤੇ ਤਜਰਬੇ ਦਾ ਪੂਰਾ ਮਖੌਲ ਉਡਾ ਰਹੇ ਹਨ।
ਜ਼ਰਾ ਤੁਸੀਂ ਵੀ ਸੋਚੋ ਕਿ ਕੱਲ੍ਹ ਤੁਸੀਂ ਵੀ ਬਜ਼ੁਰਗ ਹੋਣਾ ਹੈ। ਕੀ ਤੁਸੀਂ ਆਪਣੇ ਬੱਚਿਆਂ ਦੀਆਂ ਠੋਕਰਾਂ ਖਾਣ ਨੂੰ ਤਿਆਰ ਹੋ? ਅੱਜ ਹਾਲਾਤ ਇਹ ਹਨ ਕਿ ਸਾਡੇ ਪਰਿਵਾਰਾਂ ਵਿਚ ਆ ਰਹੇ ਸੱਭਿਆਚਾਰਕ ਪਰਿਵਰਤਨਾਂ ਅਤੇ ਸਮਾਜਿਕ ਪੱਧਰ ਦੇ ਬਦਲਾਅ ਨੇ ਬਜ਼ੁਰਗਾਂ ਦੀ ਦਸ਼ਾ ਨੂੰ ਹੋਰ ਵੀ ਦੁਖਦਾਈ ਬਣਾ ਦਿੱਤਾ ਹੈ। ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਸੀਨੀਅਰ ਨਾਗਰਿਕਾਂ ਨੂੰ ਨਹੀਂ ਮਿਲ ਰਿਹਾ ਹੈ।
ਕੀ ਜ਼ਮਾਨਾ ਆ ਗਿਆ ਹੈ ਕਿ ਸਾਡੇ ਬਜ਼ੁਰਗਾਂ ਨੂੰ ਆਪਣਿਆਂ ਦੇ ਵਿਚਕਾਰ ਹੀ ਤ੍ਰਿਸਕਾਰ, ਅਵਹੇਲਣਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਾਗਲ ਹੋ ਗਏ ਹਨ, ਆਦਤ ਤੋਂ ਲਾਚਾਰ ਹਨ, ਪਤਾ ਨਹੀਂ ਕੀ ਹੁੰਦਾ ਜਾ ਰਿਹਾ ਹੈ ਇਨ੍ਹਾਂ ਨੂੰ, ਘਰ ਵਿਚ ਨੂੰਹਾਂ-ਪੁੱਤਰਾਂ ਦੀਆਂ ਇਸ ਪ੍ਰਕਾਰ ਦੀਆਂ ਤਾਹਨਿਆਂ ਭਰੀਆਂ ਗੱਲਾਂ ਸੁਣ-ਸੁਣ ਕੇ ਬਜ਼ੁਰਗ ਨਿਰਾਸ਼ ਹੋ ਜਾਂਦੇ ਹਨ। ਆਪਣੀ ਹਰ ਖੁਸ਼ੀ ਨੂੰ ਤੁਹਾਡੇ ਲਈ ਕੁਰਬਾਨ ਕਰਨ ਵਾਲੇ, ਆਪਣੇ ਦਰਦ ਦਬਾ ਕੇ ਦਿਨ-ਰਾਤ ਮਿਹਨਤ ਕਰਨ ਵਾਲੇ, ਆਪਣੀ ਭੁੱਖ-ਪਿਆਸ ਦੀ ਪ੍ਰਵਾਹ ਕੀਤੇ ਬਿਨਾਂ ਬੱਚਿਆਂ ਦੀ ਪ੍ਰਵਾਹ ਕਰਨ ਵਾਲੇ ਅੱਜ ਤਿਲ-ਤਿਲ ਮਰ ਰਹੇ ਹਨ। ਕੀ ਸਾਡੀ ਬਜ਼ੁਰਗਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ?
ਪਰ ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਕੁਝ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਸਾਕਾਰਾਤਮਿਕ ਪਹਿਲੂ ਸਾਹਮਣੇ ਆਉਣ ਲੱਗੇ ਹਨ। ਕੋਲਕਾਤਾ ਵਿਚ ਕੰਮ ਕਰ ਰਹੀ ਇੰਦ੍ਰਾਣੀ ਚੱਕਰਵਰਤੀ ਵਾਂਗ ਦਿੱਲੀ ਦੇ ਕੁਝ ਸਕੂਲੀ ਬੱਚਿਆਂ ਨੇ ਬਜ਼ੁਰਗਾਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਦਾਦਾ-ਦਾਦੀ ਦੇ ਰਿਸ਼ਤੇ ਨਾਲ ਸੰਬੋਧਨ ਕੀਤਾ ਹੈ। ਸ਼ਾਇਦ ਬਜ਼ੁਰਗਾਂ ਪ੍ਰਤੀ ਲਾਪ੍ਰਵਾਹ ਹੁੰਦੇ ਜਾ ਰਹੇ ਬੇਟਿਆਂ, ਪੋਤਿਆਂ, ਨੂੰਹਾਂ ਨੂੰ ਸ਼ਰਮ ਆ ਜਾਵੇ। ਉਨ੍ਹਾਂ ਦੀ ਆਸ ਦੀ ਕਿਰਨ ਬਣੀਆਂ ਇਹ ਸੰਸਥਾਵਾਂ ਹੋਰ ਵਧੀਆ ਕੰਮ ਕਰਨ, ਇਹੀ ਸਾਨੂੰ ਸਾਰਿਆਂ ਨੂੰ ਦੁਆ ਕਰਨੀ ਚਾਹੀਦੀ ਹੈ।
ਅੱਜ ਸਨੇਹ, ਪਿਆਰ, ਸ਼ਾਂਤੀ, ਭਾਈਚਾਰਾ ਅਤੇ ਅੰਤਰ-ਆਤਮਾ ਦੀ ਆਵਾਜ਼ 'ਤੇ ਸਰੀਰਕ ਸੁਖ ਭਾਰੀ ਪੈਂਦਾ ਜਾ ਰਿਹਾ ਹੈ। ਇਸ ਨੂੰ ਮੰਨਣ ਦੇ ਕਾਰਨ ਹੀ ਸਾਡੇ ਸੰਸਕਾਰ ਅਜਿਹੇ ਸੱਭਿਆਚਾਰ ਦਾ ਨਿਰਮਾਣ ਕਰਦੇ ਹਨ। ਹਰੇਕ ਵਿਅਕਤੀ ਦੂਜੇ ਵਿਅਕਤੀ ਨੂੰ ਦੋਸ਼ ਦਿੰਦਾ ਹੈ ਪਰ ਖੁਦ ਆਪਣੀਆਂ ਕਮੀਆਂ ਤੋਂ ਜਾਣਬੁੱਝ ਕੇ ਬੇਖਬਰ ਹੈ। ਅੱਜ ਲੋੜ ਇਹ ਹੈ ਕਿ ਦੂਜਿਆਂ 'ਤੇ ਉਂਗਲੀ ਉਠਾਉਣ ਦੀ ਬਜਾਏ ਖੁਦ ਦਾ ਆਤਮ-ਨਿਰੀਖਣ ਕੀਤਾ ਜਾਵੇ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.07.2011